...

11 views

ਭਾਸ਼ਣ
ਮੇਰਾ ਕੰਮ ਅੱਜ ਛੇਤੀ ਖਤਮ ਹੋਣ ਕਰਕੇ ਮੈਂ ਘਰ ਲਈ ਛੇਤੀ ਨਿਕਲ ਗਿਆ । ਮੈਂ ਪਿੰਡ ਤੋਂ ਥੋੜ੍ਹੀ ਹੀ ਦੂਰ ਇੱਕ ਬੈਂਕ ਵਿੱਚ ਤੀਹ ਸਾਲਾਂ ਤੋਂ ਕਰਮਚਾਰੀ ਹਾਂ। ਪਿੰਡ ਚ ਆਉਂਦੇ ਹੀ ਮੈਨੂੰ ਸਪੀਕਰਾਂ ਦੀ ਆਵਾਜ਼ ਸੁਣਾਈ ਦੇਣ ਲੱਗੀ। ਘਰ ਵੱਲ ਜਾਂਦੇ ਹੋਏ ਰਸਤੇ ਚ ਦੇਖਿਆ ਕਿ ਇੱਕ ਖਾਲੀ ਵੱਡੇ ਪਲਾਟ ਵਿੱਚ ਟੈਂਟ ਲੱਗਾ ਹੋਇਆ ਸੀ ਤੇ ਇੱਕ ਬੰਦਾ ਭਾਸ਼ਣ ਦੇ ਰਿਹਾ ਸੀ ਪਿੰਡ ਦੇ ਸਾਰੇ ਲੋਕ ਉੱਥੇ ਇਕੱਠੇ ਹੋਏ
ਸੀ। ਮੈਂ ਵੀ ਖੜ੍ਹ ਗਿਆ , ਮੇਰੇ ਕੋਲ ਈ ਖੜ੍ਹੇ ਪਿੰਡ ਦੇ ਬੰਦੇ ਨੂੰ ਪੁੱਛਿਆ ਭਾਸ਼ਣ ਬਾਰੇ ਤਾਂ ਉਸ ਤੋਂ ਪਤਾ ਲੱਗਿਆ ਕਿ ਪਿੰਡ ਵਿੱਚ ਸਰਪੰਚ ਦੀ ਚੋਣ ਲਈ ਖੜ੍ਹੇ ਪ੍ਰਤੀਨਿਧੀ ਭਾਸ਼ਣ ਦੇ ਰਹੇ ਨੇ। ਧਿਆਨ ਨਾਲ ਦੇਖਣ ਤੇ ਮੈਨੂੰ ਵੀ ਯਾਦ ਆਇਆ ਕਿ ਭਾਸ਼ਣ ਦੇਣ ਵਾਲਾ ਬੰਦਾ ਪਿੰਡ ਵਿੱਚ ਹੀ ਰਹਿਣ ਵਾਲਾ ਮਨਜੋਤ ਸਿੰਘ ਹੈ। ਪਿੰਡ ਵਿੱਚ ਸਭ ਤੋਂ ਵੱਡੀ ਕੋਠੀ ਤੇ ਸਭ ਤੋਂ ਜ਼ਿਆਦਾ ਜ਼ਮੀਨ ਇਹਨਾਂ ਕੋਲ ਹੀ ਹੈ। ਮੈਂ ਵੀ ਖੜ੍ਹ ਕੇ ਭਾਸ਼ਣ ਸੁਣਨ ਲੱਗ ਗਿਆ।


"ਮੈਂ ਇਹੀ ਮੰਨਦਾ ਹਾਂ ਕਿ ਸਮਾਜ ਦੇ ਨਿਰਮਾਣ ਲਈ ਇਕ ਔਰਤ ਦਾ ਸਭ ਤੋਂ ਵੱਡਾ ਹੱਥ ਹੈ , ਏਸੇ ਲਈ ਕੁੜੀਆਂ ਲਈ ਪਿੰਡ ਵਿੱਚ ਇਕ ਵੱਖਰਾ ਸਕੂਲ ਬਣਾਇਆ ਜਾਵੇਗਾ , ਜਿਸ ਦੀ ਸਕੂਲ ਫੀਸ ਬਹੁਤ ਘੱਟ ਹੋਵੇਗੀ। ਦੂਜਾ ਦਹੇਜ ਵਰਗੀ ਪ੍ਰਥਾ ਸਾਡੇ ਸਮਾਜ ਲਈ ਇੱਕ ਲਾਹਨਤ ਬਣੀ ਹੋਈ ਹੈ , ਜਿਸ ਨੂੰ ਸਮਾਜ ਵਿੱਚੋਂ ਜੜ੍ਹੋਂ ਖਤਮ ਕਰਨਾ ਬਹੁਤ ਜ਼ਰੂਰੀ ਹੈ , ਇਸ ਲਈ ਮੈਂ ਜੋ ਕਰ ਸਕਦਾ ਜ਼ਰੂਰ ਕਰਾਂਗਾ , ਪਰ ਇਸ ਵਿੱਚ ਲੋਕੋਂ ਤੁਹਾਨੂੰ ਮੇਰਾ ਸਾਥ ਦੇਣਾ ਪਏਗਾ। ਜੇਕਰ ਮੈਂ ਸਰਪੰਚ ਬਣ ਗਿਆ ਤਾਂ ਦਹੇਜ ਵਰਗੀ ਕੁਰੀਤੀ ਨੂੰ ਦੂਰ ਕਰਨ ਲਈ ਪਿੰਡ ਵਿੱਚ ਇੱਕ ਸੰਸਥਾ ਬਣਾਈ ਜਾਵੇਗੀ ਜੋ ਔਰਤਾਂ ਦੀ ਸੱਮਸਿਆਵਾਂ ਦਾ ਹੱਲ ਕਰਨ ਵਿੱਚ ਮਦਦ ਕਰੇਗੀ ਤੇ ੲਿਸ ਦੇ ਨਾਲ ਹੀ ਦਹੇਜ ਵਰਗੀ ਕੁਰੀਤੀ ਨੂੰ ਖਤਮ ਕਰਨ ਲਈ ਲੋਕਾਂ ਨੂੰ ਜਾਗਰੂਕ ਕਰੇਗੀ ਤੇ ਦਹੇਜ ਕਰਕੇ ਪ੍ਰੇਸ਼ਾਨ ਔਰਤਾਂ ਨੂੰ ਓਹਨਾਂ ਦਾ ਹੱਕ ਦਵਾਉਣ ਵਿੱਚ ਮਦਦ ਕਰੇਗੀ। ਮੇਰੇ ਪਿੰਡ ਵਾਸੀਓ ਇਹ ਸਭ ਕੁਝ ਤਾਂ ਹੀ ਸੰਭਵ ਹੋ ਸਕੇਗਾ ਜੇਕਰ ਤੁਸੀਂ ਮੈਨੂੰ ਵੋਟਾਂ ਦਿਉਗੇ ਤੇ ਪਿੰਡ ਦਾ ਸਰਪੰਚ ਬਣਾਓਗੇ।ਤੁਹਾਡਾ ਆਪਣਾ ਮਨਜੀਤ ਸਿੰਘ।"

ਚਾਰੇ ਪਾਸੇ ਤਾਲੀਆਂ ਦੀ ਆਵਾਜ਼ ਗੂੰਜਣ ਲੱਗ ਗਈ ਤੇ "ਮਨਜੋਤ ਸਿੰਘ ਜ਼ਿੰਦਾਬਾਦ" ਦੇ ਨਾਰੇ ਲੱਗਣ ਲੱਗ ਗਏ। ਪ੍ਰਤੀਨਿਧੀ ਲੋਕਾਂ ਦਾ ਧੰਨਵਾਦ ਕਰਕੇ ਸਟੇਜ ਤੋਂ ਨੀਚੇ ਉਤਰ ਗਏ ਤੇ ਟੈਂਟ ਦੇ ਬਾਹਰ ਹੀ ਖੜ੍ਹੀ ਆਪਣੀ ਕਾਰ ਵਿੱਚ ਬੈਠ ਕੇ ਚਲੇ ਗਏ।


ਕਾਰ ਦੇ ਜਾਣ ਮਗਰੋਂ ਮੈਨੂੰ ਨਾਲ ਖੜੇ ਪਿੰਡ ਦੇ ਬੰਦੇ ਨੇ ਦੱਸਿਆ ਕਿ ਮਨਜੋਤ ਸਿੰਘ ਜਿਹੜੀ ਕਾਰ ਵਿੱਚ ਬੈਠ ਕੇ ਗਿਆ ਹੈ , ਇਹ ਕਾਰ ਉਸਨੂੰ ਦੋ ਮਹੀਨੇ ਪਹਿਲਾਂ ਹੀ ਆਪਣੇ ਮੁੰਡੇ ਦੇ ਵਿਆਹ ਤੇ ਹੋਰ ਕਈ ਸਾਰੀਆਂ ਚੀਜਾਂ ਦੇ ਨਾਲ ਦਹੇਜ ਵਿੱਚ ਹੀ ਮਿਲੀ ਹੈ।
© Rd Kaur4