...

5 views

ਅਜੋਕਾ ਪੰਜਾਬ
ਆ ਬੈਠ ਤੈਨੂੰ ਅੱਜ ਮੈਂ,
ਪੰਜਾਬ ਦਾ ਹਾਲ ਸੁਣਾਵਾਂ।
ਮੇਰੇ ਟੁੱਟਦੇ ਜਾਂਦੇ ਪੰਜਾਬ ਦੀ,
ਇੱਕ ਤਸਵੀਰ ਦਿਖਾਵਾਂ।

ਕੀ ਦੱਸਾਂ ਨੌਜਵਾਨਾਂ ਨੇ,
ਕਿੱਦਾਂ ਲਿਆ ਇਹਨੂੰ ਲੁੱਟ।
ਮੇਰੇ ਪੰਜਾਬ ਦੀਆਂ ਵਿਰਾਸਤਾਂ,
ਪਿੱਛੇ ਗਈਆਂ ਛੁੱਟ।

ਪੀਂਦੇ ਸੀ ਪੰਜ ਦਰਿਆਵਾਂ ਦਾ,
ਅੰਮ੍ਰਿਤ ਇੱਥੇ ਲੋਕ ।
ਜਿੱਥੇ ਹੁਣ ਨੌਜਵਾਨਾਂ ਦਾ,
ਨਸ਼ਾ ਬਣ ਗਿਆ ਸ਼ੌਂਕ।

ਬੁੱਢੇ ਮਾਪਿਆਂ ਦੀ ਸੇਵਾ ਕਰਨਾ
ਜਿਥੋਂ ਦਾ ਮਜ਼ਹਬ ਸੀ।
ਹਾਏ ਓ ਰੱਬਾ ਮੇਰੇ !
ਉੱਸ ਪੰਜਾਬ ਨੂੰ ਹੋ ਗਿਆ ਕੀ ?

ਪਾਉਂਦੇ ਸੀ ਪੀਂਘਾਂ ਬੋਹੜ 'ਤੇ,
ਤੇ ਬਹਿੰਦੇ ਇਕੱਠੇ ਸੀ।
ਪਿਆਰ ਦੀਆਂ ਨੀਹਾਂ ਪੱਕੀਆਂ,
ਭਾਵੇਂ ਕੋਠੇ ਕੱਚੇ ਸੀ।

ਵਿੱਚ ਦੀਵਾਰਾਂ ਚਿਣ ਤਾ,
ਮੇਰੇ ਪੰਜਾਬ ਦਾ ਮੋਹ।
ਪਛਮੀ ਰੀਤਾਂ ਦੀ ਗੋਦ ਵਿੱਚ,
ਪਿਛੋਕੜ ਗਿਆ ਸੌ।

ਮੰਨਦੇ ਸੀ ਦੁਰਗਾ ਧੀ ਨੂੰ,
ਨੂੰਹ ਘਰ ਦੀ ਲੱਛਮੀ ਸੀ।
ਅੱਜ ਮਾਰਨ ਧੀਆਂ ਕੁੱਖ ਵਿੱਚ,
ਤੇ ਜ਼ਰਾ ਨਾ ਕਰਦੇ ਸੀ।

ਕਿੱਥੇ ਗਏ ਜਜ਼ਬਾਤ ਉਹ,
ਕਿੱਥੇ ਉਹ ਰੀਤਾਂ ਨੇ।
ਨਾ ਲੱਭਣ ਉਹ ਰੀਤਾਂ ਮੰਦਰੋਂ,
ਨਾ ਵਿੱਚ ਮਸੀਤਾਂ ਨੇ।

ਸਿਰਾਂ ਤੋਂ ਲੱਥੀਆਂ ਚੁੰਨੀਆਂ,
ਰਿਸ਼ਤਿਆਂ ਚੋਂ ਗੁਆਚੀ ਸੁਗੰਧ।
ਹੁੰਦੇ ਜਾਂਦੇ ਸੱਭ ਦੇ,
ਦਿਲਾਂ ਦੇ ਬੂਹੇ ਬੰਦ।

ਜਿੱਥੇ ਬੰਨਦੇ ਸੀ ਗਭਰੂ ਚਾਦਰਾ
ਤੇ ਧੀਆਂ ਰੱਖਣ ਸੰਗ।
ਮੋੜ ਦੇ ਰੱਬਾ ਉਹ ਪੰਜਾਬ ਮੇਰਾ,
ਬੱਸ ਇਹੋ ਮੇਰੀ ਮੰਗ।

ਹੱਥੀਂ ਕਿਰਤਾਂ ਕਰਦੇ ਤੇ
ਰੱਲ ਕੇ ਖਾਂਦੇ ਸੀ।
ਹਰ ਹਾਲ ਵਿੱਚ ਇੱਕ - ਦੂਜੇ ਦੀ,
ਖ਼ੈਰ ਮਨਾਉਂਦੇ ਸੀ।

ਹੁਣ ਨਾ ਓਹ ਆਪਣਾਪਨ,
ਤੇ ਨਾ ਓਹ ਗਲਾਂ ਨੇ।
ਰੱਬ ਹੀ ਜਾਣੇ ਕਿਉਂ ਖੇੜਿਆਂ,
ਝਾੜਿਆ ਪੱਲਾ ਏ।

ਸੋਨੇ ਜਿਹੇ ਮੇਰੇ ਪੰਜਾਬ ਨੂੰ,
ਲੱਗੀਆਂ ਨਜ਼ਰਾਂ ਨੇ।
ਭੁੱਲ ਗਏ ਲੋਕ ਵਿਰਾਸਤਾਂ,
ਗੁੰਮ ਹੋਈਆਂ ਸੱਧਰਾਂ ਨੇ।

ਬੱਸ ਇਹੋ ਦਿੱਲ ਦਾ ਦਰਦ ਹੈ,
ਤੇ ਇਹੋ ਮੈਨੂੰ ਦੁੱਖ।
ਕਿਉਂ ਬਦਲ ਗਿਆ ਪੰਜਾਬ ਮੇਰਾ,
ਕਿਉਂ ਬਦਲ ਗਏ ਮਨੁੱਖ।